Pupils Login Here

Pupils Login Form

 ਪੰਜਾਬੀ ਯੂਨੀਵਰਸਿਟੀ,ਪਟੀਆਲਾ

ਪੰਜਾਬ ਦੇ ਦੱਖਣ ਪੂਰਬੀ ਖਿੱਤੇ ਵਿੱਚ ਪੈਂਦੀ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ 30 ਅਪ੍ਰੈਲ 1962 ਨੂੰ ਪਟਿਆਲਾ ਰਿਆਸਤ ਵਿੱਚ ਕੀਤੀ ਗਈ। ਇਸਰਾਈਲ ਦੀ ਹੀਬਰੋ ਯੂਨੀਵਰਸਿਟੀ ਤੋਂ ਬਾਅਦ ਦੁਨੀਆਂ ਦੀ ਇਹ ਇਕੋ ਇਕ ਯੂਨੀਵਰਸਿਟੀ ਹੈ ਜਿਸ ਦਾ ਨਾਮ ਭਾਸ਼ਾ ਦੇ ਨਾਮ ਤੇ ਰੱਖਿਆ ਗਿਆ ਹੋਵੇ। ਪੰਜਾਬੀ ਭਾਸ਼ਾ, ਕਲਾ, ਸਭਿਆਚਾਰ ਅਤੇ ਸਾਹਿਤ ਨੂੰ ਪ੍ਰਫੁਲਤ ਕਰਨ ਦੇ ਮੁਖ ਮਕਸਦ ਨਾਲ ਸ਼ੁਰੂ ਹੋਈ ਯੂਨੀਵਰਸਿਟੀ ਵਿਖੇ ਉਚੇਰੀ ਸਿੱਖਿਆ ਦੇ 6 ਨੇਬਰ ਹੁਡ ਕੈਂਪਸਾਂ ਅਤੇ 166 ਕਾਲਜਾਂ ਸਮੇਤ ਯੂਨੀਵਰਸਿਟੀ ਕੈਂਪਸ ਵਿੱਚ 65 ਅਧਿਆਪਨ ਅਤੇ ਖੋਜ ਵਿਭਾਗ ਸਫਲਤਾਪੂਰਵਕ ਚਲਾਏ ਜਾ ਰਹੇ ਹਨ।

ਸਰਵਪੱਖੀ ਵਿਕਾਸ ਦੇ ਨਜ਼ਰੀਏ ਨਾਲ ਆਰੰਭੇ ਗਏ ਗਿਣਾਤਮਕ ਅਤੇ ਗੁਣਾਤਮਕ ਕਾਰਜਾਂ ਸਦਕਾ ਪੰਜਾਬੀ ਯੂਨੀਵਰਸਿਟੀ ਨੇ ਵੱਖ ਵੱਖ ਖੇਤਰਾਂ ਵਿਚ ਅਥਾਹ ਤਰੱਕੀ ਕੀਤੀ ਹੈ। ਪੰਜਾਬੀ ਯੂਨੀਵਰਸਿਟੀ ਦੀ ਇਹ ਤਰੱਕੀ ਗਤੀਸ਼ੀਲ ਅਤੇ ਸਥਿਰ ਹੀ ਨਹੀਂ ਬਲਕਿ ਨਿਰੰਤਰ ਜਾਰੀ ਹੈ। ਯੂਨੀਵਰਸਿਟੀ ਦੀ ਅਧਿਆਪਨ ਫੈਕਲਟੀ ਅਤੇ ਇਸਦੇ ਸਹਿ-ਕਰਮੀਆਂ ਦੇ ਸਹਿਯੋਗ ਨਾਲ ਯੂਨੀਵਰਸਿਟੀ ਨੇ ਕਈ ਖੇਤਰਾਂ ਵਿੱਚ ਮਾਅਰਕੇ ਮਾਰਦੇ ਹੋਏ ਤਰੱਕੀ ਦੇ ਝੰਡੇ ਬੁਲੰਦ ਕੀਤੇ ਹਨ।

ਪੰਜਾਬੀ ਯੂਨੀਵਰਸਿਟੀ ਦੀ ਖਾਸੀਅਤ ਹੈ ਕਿ ਇਸ ਵਲੋਂ ਕਈ ਖੇਤਰਾਂ ਵਿਚ ਗੰਭੀਰ ਚਿੰਤਨ ਪੈਦਾ ਕਰਨ ਵਾਲੇ ਖੇਤਰਾਂ ਵਿੱਚ ਅਕਾਦਮਿਕ ਅਤੇ ਸਕਾਲਰੀ ਖੋਜ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਜਿਸ ਕਾਰਨ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਨਾਮੀ ਸੰਸਥਾਵਾਂ ਅਤੇ ਸੰਗਠਨਾਂ ਨੇ ਯੂਨੀਵਰਸਿਟੀ ਨਾਲ ਨਾ ਸਿਰਫ ਆਪਣੀ ਸਾਂਝ ਪਾਈ ਹੈ ਬਲਕਿ ਗ੍ਰਾਂਟਾਂ ਵੀ ਦਿੱਤੀਆਂ। ਕਈ ਵਿਭਾਗਾਂ ਨੂੰ ਵੱਡੇ ਦਰਜੇ ਦੇ ਕੇ ਨਿਵਾਜਿਆ ਗਿਆ ਹੈ।

ਯੂਨੀਵਰਸਿਟੀ ਦੇ ਸੱਤ ਵਿਭਾਗਾਂ ਬਾਟਨੀ, ਪੰਜਾਬੀ, ਅਰਥ ਸ਼ਾਸਤਰ, ਫਿਜ਼ਿਕਸ, ਕਮਿਸਟਰੀ, ਕੰਪਿਊਟਰ ਸਾਇੰਸ ਅਤੇ ਜ਼ੁਆਲੋਜੀ ਨੂੰ ਸਪੈਸ਼ਲ ਅਸਿਸਟੈਂਸ ਪ੍ਰੋਗਰਾਮ (ਸੈਪ) ਅਤੇ ਪੰਜਾਬੀ ਵਿਭਾਗ ਨੂੰ ਅਸਿਸਟੈਂਸ ਫਾਰ ਸਟਰੈਂਥਨਿੰਗ ਇਨਫਰਾਸਟਰਕਚਰ ਫਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਅਸਿਸਟੈਂਸ ਫਾਰ ਸਟਰੈਂਥਨਿੰਗ ਇਨਫਰਾਸਟਰਕਚਰ ਫਾਰ ਸਾਇੰਸ, ਹਿਊਮੈਨੀਟੀਜ਼ ਐਂਡ ਸੋਸ਼ਲ ਸਾਇੰਸਜ਼ ਪ੍ਰੋਗਰਾਮ ਅਧੀਨ ਗ੍ਰਾਂਟ ਦੇਣ ਲਈ ਚੁਣਿਆ ਗਿਆ ਹੈ।

ਯੂਨੀਵਰਸਿਟੀ ਦੇ ਬਾਇਓਤਕਨਾਲੋਜੀ, ਜ਼ੁਆਲੋਜੀ ਅਤੇ ਕੰਪਿਊਟਰ ਸਾਇੰਸ ਵਿਭਾਗਾਂ ਨੂੰ ਫੰਡਜ਼ ਫਾਰ ਇੰਪਰੂਪਮੈਂਟ ਆਫ ਸਾਇੰਸ ਐਂਡ ਟੈਕਨਾਲੋਜੀ ਇਨਫਰਾਸਟਰਕਚਰ ਇਨ ਯੂਨੀਵਰਸਿਟੀ ਐਂਡ ਹਾਇਰ ਐਜੂਕੇਸ਼ਨਲ ਇੰਸਟੀਚਿਊਸ਼ਨਜ਼ (ਫਿਸਟ) ਭਾਰਤ ਸਰਕਾਰ ਦੇ ਸਾਇੰਸ ਅਤੇ ਤਕਨਾਲੋਜੀ ਵਿਭਾਗ ਵਲੋਂ ਤਾਜ ਪਹਿਨਾਇਆ ਗਿਆ ਹੈ। ਯੂਨੀਵਰਸਿਟੀ ਦੇ ਫਿਜ਼ਿਕਸ ਵਿਭਾਗ ਨੂੰ ਯੂ.ਜੀ.ਸੀ. ਵਲੋਂ ਵੱਖ ਵੱਖ ਪ੍ਰੋਗਰਾਮਾਂ ਅਧੀਨ ਦਿੱਤੀਆਂ ਗ੍ਰਾਂਟਾਂ ਦੇ ਨਾਲ ਪੈਰਲਲ ਪ੍ਰੋਸੈਸਿੰਗ ਲੈਬਾਰਟਰੀ ਸਥਾਪਿਤ ਕੀਤੀ ਗਈ ਹੈ, ਇਸ ਦੇ ਨਾਲ ਹੀ ਭਾਬਾ ਅਟੋਮਿਕ ਰਿਸਰਚ ਸੈਂਟਰ ਅਤੇ ਨਿਊਕਲੀਅਰ ਸਾਇੰਸ ਲੈਬਾਰਟਰੀ ਦੇ ਨਾਲ ਰਿਸ਼ਤਾ (ਸਮਝੌਤਾ) ਕਾਇਮ ਕੀਤਾ ਹੈ। ਯੂਨੀਵਰਸਿਟੀ ਦੇ ਬਾਇਓਤਕਨਾਲੋਜੀ ਵਿਭਾਗ ਨੂੰ ਵੀ ਯੂ.ਜੀ.ਸੀ., ਡੀ.ਐਸ.ਟੀ., ਡੀ.ਬੀ.ਟੀ., ਆਈ.ਸੀ.ਐਸ.ਆਰ, ਸੀ.ਐਸ.ਆਈ.ਆਰ. ਅਤੇ ਆਈ.ਸੀ.ਏ.ਆਰ. ਤੋਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਮਿਲੀਆਂ ਹਨ ਜਿਨ੍ਹਾ ਵਿੱਚ 6 ਕਰੋੜ ਦਾ ਕੇਂਦਰੀ ਪ੍ਰੋਜੈਕਟ ਵੀ ਸ਼ਾਮਿਲ ਹੈ। ਯੂਨੀਵਰਸਿਟੀ ਦਾ ਬਾਟਨੀ ਵਿਭਾਗ ਇਸ ਖਿੱਤੇ ਦਾ ਇਕੱਲਾ ਅਜਿਹਾ ਵਿਭਾਗ ਹੈ ਜਿਸ ਕੋਲ ਆਪਣਾ ਮਿਊਜ਼ੀਅਮ, ਹਰਬੇਰੀਅਮ, ਟਰੋਪੀਕਲ ਹਾਊਸ, ਐਕਸਪੈਰੀਮੈਂਟਲ ਹਾਊਸ, ਫੋਟੋ ਗੈਲਰੀ ਅਤੇ ਬਾਟਨੀਕਲ ਗਾਰਡਨ ਹਨ ਜਿੱਥੇ ਪੇੜ ਪੋਦਿਆਂ ਦੀਆਂ ਵੱਖ ਵੱਖ ਕਿਸਮਾਂ ਦੀਆਂ ਇੱਕ ਲੱਖ ਤੋਂ ਵਧੇਰੀਆਂ ਕਿਸਮਾਂ ਹਨ। ਇਸ ਵਿਭਾਗ ਨੇ ਹੁਣ ਤੱਕ ਯੂ.ਜੀ.ਸੀ. ਅਤੇ ਸੀ.ਐਸ.ਆਈ.ਆਰ. ਅਤੇ ਜੰਗਲਾਤ ਤੇ ਵਾਤਾਵਰਣ ਵਿਭਾਗ ਵਲੋਂ ਦਿੱਤੇ ਗਏ 50 ਪ੍ਰੋਜੈਕਟ ਪੂਰੇ ਕੀਤੇ ਹਨ। ਇਸ ਤੋਂ ਇਲਾਵਾ ਵਿਭਾਗ ਨੇ ਖੋਜ, ਕੰਸਲਟੈਂਸੀ ਅਤੇ ਐਕਸਟੈਨਸ਼ਨ ਪ੍ਰੋਗਰਾਮਾਂ ਦੇ ਅਧੀਨ 60 ਯੂਨੀਵਰਸਿਟੀ ਅਤੇ 25 ਕੌਮਾਂਤਰੀ ਸਾਂਝ ਵਾਲੇ ਖੋਜ ਕਾਰਜਾਂ ਵਿੱਚ ਇਨਾਮ ਜਿੱਤੇ ਹਨ।

ਯੂਨੀਵਰਸਿਟੀ ਦੇ ਫਿਜ਼ੀਓਥਰੈਪੀ ਵਿਭਾਗ ਨੇ ਸਪੋਰਟਸ ਫਿਜ਼ੀਓਥਰੈਪੀ, ਕਾਰਡੀਓਪਲੁਮਨਰੀ ਫਿਜ਼ੀਓਥਰੈਪੀ ਐਂਡ ਨਿਊਰੋਲੋਜੀਕਲ ਫਿਜ਼ੀਓਥਰੈਪੀ ਦੇ ਵੱਖ ਵੱਖ ਕੋਰਸ ਸ਼ੁਰੂ ਕਰਕੇ ਇਨ੍ਹਾਂ ਕੋਰਸਾਂ ਨੂੰ ਸ਼ੁਰੂ ਕਰਨ ਵਾਲੀ ਪਹਿਲੀ ਯੂਨੀਵਰਸਿਟੀ ਬਣਨ ਦਾ ਮਾਣ ਹਾਸਿਲ ਕੀਤਾ ਹੈ। ਵਿਭਾਗ ਵਲੋਂ ਆਪਣੇ ਤੌਰ ਤੇ ਯੂਨੀਵਰਸਿਟੀ ਸਿਹਤ ਕੇਂਦਰ ਅਤੇ ਪਟਿਆਲਾ ਸ਼ਹਿਰ ਦੇ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਸੈਂਟਰ ਵਿਖੇ ਵੱਡੀ ਉਮਰ ਦੇ ਮਰੀਜਾਂ ਦੇ ਇਲਾਜ ਲਈ ਅਤੇ ਵਿਦਿਆਰਥੀਆਂ ਨੂੰ ਕਲਿਨੀਕਲ ਟਰੇਨਿੰਗ ਦੇਣ ਦੇ ਉਦੇਸ਼ ਨਾਲ ਕਲੀਨਿਕ ਸਥਾਪਿਤ ਕੀਤੇ ਗਏ ਹਨ। ਯੂਨੀਵਰਸਿਟੀ ਦਾ ਫਾਰਮਾਸੂਟੀਕਲ ਸਾਇੰਸਜ਼ ਅਤੇ ਡਰੱਗ ਰਿਸਰਚ ਵਿਭਾਗ ਵੀ ਇਸ ਖੇਤਰ ਵਿੱਚ ਕਾਫੀ ਕਾਰਜਸ਼ੀਲ ਹੈ ਜਿਸ ਨੂੰ ਵੱਖ ਵੱਖ ਸੰਸਥਾਵਾਂ ਵਲੋਂ ਵੱਡੀਆਂ ਗ੍ਰਾਂਟਾਂ ਦੇ ਕੇ ਨਿਵਾਜਿਆ ਜਾ ਰਿਹਾ ਹੈ।

ਯੂਨੀਵਰਸਿਟੀ ਦੇ ਕੰਪਿਊਟਰ ਸੈਂਟਰ ਵਲੋਂ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਨੂੰ ਲੈਨ ਦੇ ਜਰੀਏ ਇੰਟਰਨੈਟ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਇਕੱਲੇ ਕੰਪਿਊਟਰ ਸੈਂਟਰ ਅਤੇ ਕੰਪਿਊਟਰ ਸਾਇੰਸ ਵਿਭਾਗ ਕੋਲ 150 ਪੀ.ਸੀ. ਅਤੇ ਸਰਵਰ ਮੌਜੂਦ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਲਗਭਗ ਸਾਰੇ ਵਿਭਾਗਾਂ ਕੋਲ ਆਪਣੀਆਂ ਕੰਪਿਊਟਰ ਲੈਬ ਵੀ ਹਨ।


ਪੰਜਾਬੀ ਯੂਨੀਵਰਸਿਟੀ ਵਲੋਂ ਸ਼ੁਰੂ ਕੀਤੀ ਇਸ ਲੜੀ ਦੇ ਤਹਿਤ ਜੈਤੋ ਵਿਖੇ 6ਵੇਂ ਰੀਜਨਲ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ, ਜਿਥੇ ਕੰਮ ਕਾਜ ਬੜੀ ਤੇਜੀ ਨਾਲ ਚੱਲ ਰਿਹਾ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਵਲੋਂ ਗੁਰੂ ਕਾਸ਼ੀ ਕੈਂਪਸ, ਤਲਵੰਡੀ ਸਾਬੋ, ਗੁਰੂ ਕਾਸ਼ੀ ਰੀਜਨਲ ਸੈਂਟਰ ਬਠਿੰਡਾ, ਨਵਾਬ ਸ਼ੇਰ ਮੁਹੰਮਦ ਖਾਨ ਇੰਸਟੀਚਿਊਟ ਆਫ ਅਡਵਾਂਸ ਸਟੱਡੀਜ਼ ਮਲੇਰਕੋਟਲਾ, ਰੀਜਨਲ ਸੈਂਟਰ ਫਾਰ ਇਨਫਰਮੇਸ਼ਨ ਤਕਨਾਲੋਜੀ ਮੋਹਾਲੀ ਅਤੇ ਡਾ. ਬਲਬੀਰ ਸਿੰਘ ਸਾਹਿਤ ਕੇਂਦਰ ਦੇਹਰਾਦੂਨ ਵਿਖੇ ਪਹਿਲਾਂ ਹੀ ਰੀਜਨਲ ਸੈਂਟਰ ਚਲਾਏ ਜਾ ਰਹੇ ਹਨ।